ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸਥਿਤ ਆਰਨੇਜਾ ਹੋਂਡਾ ਏਜੰਸੀ ਵਿੱਚ ਇੱਕ ਸ਼ਾਤਰ ਚੋਰ ਵੱਲੋਂ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰ ਨੇ ਪਹਿਲਾਂ ਏਜੰਸੀ ਦਾ ਇੱਕ ਸ਼ਟਰ ਤੋੜਿਆ, ਫਿਰ ਦੂਸਰਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਇਆ ਅਤੇ ਕੰਧ ਤੋੜ ਕੇ ਕਰੀਬ 30 ਕਿਲੋ ਭਾਰ ਵਾਲਾ ਲੋਕਰ ਬਾਹਰ ਕੱਢਿਆ, ਜਿਸਨੂੰ ਉਹ ਮੋਢਿਆਂ ‘ਤੇ ਚੁੱਕ ਕੇ ਪੈਦਲ ਹੀ ਫਰਾਰ ਹੋ ਗਿਆ। ਲੋਕਰ ਵਿੱਚ ਇੱਕ ਦਿਨ ਦੀ ਪੂਰੀ ਸੇਲ ਦੀ ਨਕਦੀ ਪਈ ਹੋਈ ਸੀ ਜੋ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਏਜੰਸੀ ਦੇ ਸੇਲਸ ਅਫਸਰ ਮੁਤਾਬਕ ਅੰਦਰ ਲੱਗੇ ਸੀਸੀਟੀਵੀ ਕੈਮਰੇ ਬੰਦ ਸਨ, ਜਿਸ ਕਾਰਨ ਚੋਰ ਦੀ ਪਛਾਣ ਨਹੀਂ ਹੋ ਸਕੀ, ਹਾਲਾਂਕਿ ਬਾਹਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਪਰ ਸੰਘਣੀ ਧੁੰਦ ਅਤੇ ਘੱਟ ਰੋਸ਼ਨੀ ਕਾਰਨ ਚਿਹਰਾ ਸਾਫ਼ ਨਹੀਂ ਦਿਸ ਰਿਹਾ।

ਸ਼ੋਅਰੂਮ ਮੈਨੇਜਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੁਰੱਖਿਆ ਗਾਰਡ ਵੱਲੋਂ ਫੋਨ ਆਇਆ ਸੀ, ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੀਸੀਟੀਵੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਇਕੱਲਾ ਸੀ ਅਤੇ ਪੈਦਲ ਹੀ ਆਇਆ ਤੇ ਪੈਦਲ ਹੀ ਭੱਜ ਗਿਆ, ਜਿਸ ਤਰੀਕੇ ਨਾਲ ਚੋਰ ਸਿੱਧਾ ਸੇਫ ਤੱਕ ਪਹੁੰਚਿਆ, ਉਸ ਤੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਨੇ ਪਹਿਲਾਂ ਏਜੰਸੀ ਦੀ ਰੇਕੀ ਕੀਤੀ ਹੋਈ ਸੀ। ਮੁਹਕਮਪੁਰਾ ਪੁਲਿਸ ਸਟੇਸ਼ਨ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ, ਘਟਨਾ ਸਥਾਨ ਦੀ ਫੋਟੋਗ੍ਰਾਫੀ ਕੀਤੀ ਗਈ ਹੈ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਜਾਰੀ ਹੈ, ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।